ਰਾਮਗੜ੍ਹੀਆ ਭਾਈਚਾਰਾ ਮੇਰਾ ਆਪਣਾ ਪਰਿਵਾਰ ਹੈ :- ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ
ਲੁਧਿਆਣਾ, 20 ਅਕਤੂਬਰ (DPRO) ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਪੂੰਜੀ ਨਿਵੇਸ਼ ਪ੍ਰੋਤਸਾਹਨ, ਕਿਰਤ, ਪ੍ਰਾਹੁਣਚਾਰੀ, ਉਦਯੋਗ ਤੇ ਕਾਮਰਸ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਰਾਮਗੜ੍ਹੀਆ ਭਵਨ ਖੰਨਾ ਵਿਖੇ ਰਾਮਗੜ੍ਹੀਆ ਭਾਈਚਾਰੇ ਵੱਲੋਂ ਸਨਮਾਨ ਸਮਾਰੋਹ ਰੱਖਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਭੋਗ ਪਾਏ ਗਏ।
ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਰਾਮਗੜ੍ਹੀਆ ਭਾਈਚਾਰਾ ਮੇਰਾ ਆਪਣਾ ਪਰਿਵਾਰ ਹੈ। ਸੋ ਆਪਣਾ ਪਰਿਵਾਰ ਹੋਣ ਦੇ ਨਾਤੇ ਮੈਨੂੰ ਇੱਥੇ ਪਹੁੰਚਣ ਦਾ ਸੁਭਾਗ ਭਰਿਆ ਸਮਾਂ ਮਿਲਿਆ ਹੈ। ਉਹਨਾਂ ਕਿਹਾ ਕਿ ਇਸ ਕਰਕੇ ਮੈਂ ਸਮੂਹ ਸੰਗਤਾਂ ਦਾ ਜਿੱਥੇ ਧੰਨਵਾਦ ਕਰਦਾ ਹਾਂ ਉੱਥੇ ਮੈਂ ਰਾਮਗੜ੍ਹੀਆ ਭਾਈਚਾਰੇ ਦੀਆਂ ਸਮੂਹ ਐਸੋਸੀਏਸ਼ਨਾ ਦਾ ਵੀ ਧੰਨਵਾਦ ਕਰਦਾ ਹਾਂ। ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ ਵੀ ਦਿੱਤੀਆਂ।
ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਆਉਣ ਵਾਲਾ ਸਮਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਦਿਵਾਲੀ ਦਾ ਤਿਉਹਾਰ ਆ ਰਿਹਾ ਹੈ। ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ ਅਤੇ ਉਸ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ ਹੈ। ਇਸ ਕਰਕੇ ਜਿਹੜਾ ਸਮਾਂ ਚੱਲ ਰਿਹਾ ਹੈ ਤਿਉਹਾਰਾਂ ਦਾ ਹੀ ਸੀਜ਼ਨ ਹੈ। ਇਹਨਾਂ ਦਿਨਾਂ ਵਿਚ ਵੱਖ-ਵੱਖ ਥਾਵਾਂ ਤੇ ਜਾਣ ਦਾ ਮੌਕਾ ਮਿਲਦਾ ਤਾਂ ਉਹਨਾਂ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਥਾਵਾਂ ਤੇ ਜਾਇਆ ਜਾਵੇ ਅਤੇ ਆਪਣਿਆਂ ਵਿਚ ਵਿਚਰਿਆ ਜਾਵੇ। ਆਪਣਿਆਂ ਨੂੰ ਮਿਲਿਆ ਜਾਵੇ ਅਤੇ ਆਪਣਿਆਂ ਤੋਂ ਪਿਆਰ ਲਿਆ ਜਾਵੇ। ਉਹਨਾਂ ਕਿਹਾ ਕਿ ਸੋ ਅੱਜ ਦੇ ਦੌਰੇ ਦਾ ਇਹੀ ਮਨੋਰਥ ਹੈ।
ਉਦਯੋਗ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਸਕਿਲ ਡਿਵੈਲਪਮੈਂਟ ਪ੍ਰੋਗਰਾਮ ਚਲਦੇ ਹਨ। ਇਹਨਾਂ ਸਕਿਲ ਡਿਵੈਲਪਮੈਂਟ ਪ੍ਰੋਗਰਾਮਾਂ ਵਿੱਚ ਅਸੀ ਕੋਸ਼ਿਸ਼ ਕਰ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿਚ ਜਿਹੜੇ ਬੱਚੇ ਕਈ 10ਵੀ ਤੇ 12ਵੀ ਪੜ੍ਹੇ ਹਨ ਅਤੇ ਉਨ੍ਹਾਂ ਬੱਚਿਆਂ ਵਿੱਚ ਹੁਨਰ ਬਹੁਤ ਹੈ। ਇਹਨਾਂ ਬੱਚਿਆਂ ਵਿੱਚ ਕੋਈ ਲੱਕੜ ਦਾ ਕਾਰੀਗਰ ਹੈ, ਕੋਈ ਲੋਹੇ ਦਾ ਕਾਰੀਗਰ ਹੈ, ਕੋਈ ਪੱਥਰ ਦਾ ਕਾਰੀਗਰ ਹੈ ਅਤੇ ਕੋਈ ਕਰੇਨ ਚਲਾਉਣ ਦਾ ਮਾਸਟਰ ਹੈ। ਉਹਨਾਂ ਕਿਹਾ ਕਿ ਇਹ ਜਿਹੜੇ ਬੱਚੇ ਨੇ ਇਹਨਾਂ ਨੂੰ ਮਾਰ ਇਹ ਪੈ ਜਾਂਦੀ ਹੈ ਕਿ ਇਹ ਹੱਥਾਂ ਦੇ ਤਾਂ ਬਹੁਤ ਧਨੀ ਹੁੰਦੇ ਨੇ ਕਾਰੀਗਰ ਹੁੰਦੇ ਨੇ ਪ੍ਰੰਤੂ ਜਦੋਂ ਇਹਨਾਂ ਨੂੰ ਕੋਈ ਪੁੱਛਦਾ ਹੈ ਕਿ ਤੁਸੀਂ ਪੜ੍ਹੇ ਕਿੰਨੇ ਹੋ ਯੋਗਤਾ ਕਿੰਨੀਂ ਹੈ ਫਿਰ ਕੋਈ 8 ਜਾਂ 10 ਪੜ੍ਹਿਆ ਹੁੰਦਾ ਹੈ। ਸੋ ਅਸੀਂ ਇੱਕ ਸਕਿਲ ਡਿਵੈਲਪਮੈਂਟ ਪ੍ਰੋਗਰਾਮ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੇ ਨਾਲ ਪੂਰਾ ਸਲਾਹ ਮਸ਼ਵਰਾ ਕਰਕੇ ਅਸੀਂ ਇਹਨਾਂ ਬੱਚਿਆਂ ਨੂੰ ਸਕਿਲ ਡਿਵੈਲਪਮੈਂਟ ਦੇ ਕੋਰਸ ਕਰਵਾ ਕੇ ਸਰਟੀਫਿਕੇਟ ਦੇਵਾਂਗੇ ਤਾਂ ਜ਼ੋ ਇਹ ਬੱਚੇ ਦੇਸ਼ ਜਾਂ ਵਿਦੇਸ਼ ਵਿਚ ਕਿਸੇ ਵੀ ਜਗ੍ਹਾ ਤੇ ਨੌਕਰੀ ਲੈਣ ਲਈ ਸਿਰ ਉੱਚਾ ਕਰਕੇ ਜਾਣ।