AmritsarJalandharLudhianaNationalNewsPunjabWorld News

ਵਿਧਾਇਕ ਬੱਗਾ, ਨਗਰ ਨਿਗਮ ਕਮਿਸ਼ਨਰ ਨੇ ਬੁੱਢੇ ਨਾਲੇ ਦੇ ਦੂਜੇ ਪਾਸੇ 5.83 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਬਣਾਉਣ ਦਾ ਵੱਡਾ ਪ੍ਰੋਜੈਕਟ ਕੀਤਾ ਸ਼ੁਰੂ


ਲੁਧਿਆਣਾ, 15 ਅਕਤੂਬਰ:
ਬੁੱਢੇ ਨਾਲੇ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਨਾਗਰਿਕਾਂ ਨੂੰ ਵੱਡੀ ਖ਼ੁਸ਼ਖਬਰੀ ਦਿੰਦਿਆਂ, ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਸੋਮਵਾਰ ਨੂੰ ਬੁੱਢੇ ਨਾਲੇ ਦੇ ਦੂਜੇ ਪਾਸੇ ਸੜਕ ਬਣਾਉਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ।

ਇਸ ਪ੍ਰਾਜੈਕਟ ਤਹਿਤ ਹੈਬੋਵਾਲ ਮੁੱਖ ਪੁਲੀ ਤੋਂ ਚਾਂਦ ਸਿਨੇਮਾ ਪੁਲੀ ਤੱਕ ਨਾਲੇ ਦੇ ਨਾਲ-ਨਾਲ ਲਗਭਗ 3 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਲਗਭਗ 5.83 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਪਹਿਲੇ ਪੜਾਅ ਤਹਿਤ ਕੁੰਦਨਪੁਰੀ ਤੋਂ ਚੰਦਨ ਨਗਰ ਪੁਲੀ ਤੱਕ ਸੜਕ ਦੇ ਹਿੱਸੇ ਦਾ ਨਿਰਮਾਣ ਕੀਤਾ ਜਾਵੇਗਾ।

ਵਿਧਾਇਕ ਬੱਗਾ ਨੇ ਕਿਹਾ ਕਿ ਇਹ ਪ੍ਰਾਜੈਕਟ ਇੱਕ ਵੱਡੀ ਚੁਣੌਤੀ ਸੀ ਪਰ ਉਹ ਇਸ ਪ੍ਰਾਜੈਕਟ ਨੂੰ ਹਲਕਾ ਵਾਸੀਆਂ ਦੀ ਬਿਹਤਰੀ ਲਈ ਨੇਪਰੇ ਚਾੜ੍ਹਨ ਲਈ ਵਚਨਬੱਧ ਹਨ ਜਿਨ੍ਹਾਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ। ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਕਿਸੇ ਨੇ ਵੀ ਇਸ ਪ੍ਰਾਜੈਕਟ ਨੂੰ ਸਿਰੇ ਨਹੀਂ ਚੜ੍ਹਾਇਆ ਜਦੋਂ ਕਿ ਇਲਾਕਾ ਨਿਵਾਸੀ ਲੰਮੇ ਸਮੇਂ ਤੋਂ ਇਸ ਦੀ ਮੰਗ ਕਰ ਰਹੇ ਸਨ।

ਆਮ ਆਦਮੀ ਪਾਰਟੀ (ਆਪ) ਵੱਲੋਂ ਸੂਬੇ ਦੀ ਵਾਗਡੋਰ ਸੰਭਾਲਣ ਤੋਂ ਬਾਅਦ, ਉਨ੍ਹਾਂ ਨੇ ਇਸ ਚੁਣੌਤੀ ਨੂੰ ਲਿਆ ਅਤੇ ਹੁਣ ਇਹ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਗਿਆ ਹੈ। ਵਿਧਾਇਕ ਬੱਗਾ ਨੇ ਕਿਹਾ ਕਿ ਅਧਿਕਾਰੀਆਂ ਨੂੰ ਇਸ ਪ੍ਰਾਜੈਕਟ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਅਤੇ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਹੋਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਵਿਧਾਇਕ ਬੱਗਾ ਨੇ ਕਿਹਾ ਕਿ ਇਹ ਪ੍ਰਾਜੈਕਟ ਨਾ ਸਿਰਫ਼ ਇਲਾਕੇ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਏਗਾ ਸਗੋਂ ਇਸ ਨਾਲ ਇਲਾਕੇ ਦੇ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ। ਵਸਨੀਕਾਂ ਦੀ ਸੁਰੱਖਿਆ ਲਈ ਨਾਲੇ ਦੇ ਕਿਨਾਰੇ ਕੰਕਰੀਟ ਦੀ ਕੰਧ ਬਣਾਈ ਗਈ ਹੈ। ਉਹ ਨਿਯਮਤ ਤੌਰ ‘ਤੇ ਇਸ ਪ੍ਰੋਜੈਕਟ ਦੀ ਨਿਗਰਾਨੀ ਕਰਨਗੇ।

ਇਸ ਤੋਂ ਇਲਾਵਾ ਵਿਧਾਇਕ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੜਕ ਦੇ ਹਿੱਸੇ ‘ਤੇ ਕਬਜ਼ਾ ਕਰਨ ਤੋਂ ਗੁਰੇਜ਼ ਕਰਨ ਨਹੀਂ ਤਾਂ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਵਿਧਾਇਕ ਬੱਗਾ ਨੇ ਕਿਹਾ ਕਿ ‘ਆਪ’ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ‘ਚ ਸ਼ਹਿਰ ਵਾਸੀਆਂ ਦੀ ਵੱਡੀ ਪੱਧਰ ‘ਤੇ ਸਹੂਲਤ ਲਈ ਕਰੋੜਾਂ ਰੁਪਏ ਦੇ ਹੋਰ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ


Leave a Response