ਸ਼ਹੀਦ ਭਗਤ ਸਿੰਘ ਦੇ ਜਨਮ ਦਿਨ (28 ਸਤੰਬਰ) ‘ਤੇ ਦੁੱਧ ਪੀਣ, ਵਧੀਆ ਦਸਤਾਰ, ਪੇਂਟਿੰਗ ਮੁਕਾਬਲੇ ਅਤੇ ਖੂਨਦਾਨ ਕੈਂਪ
29 ਸਤੰਬਰ ਨੂੰ ਮਾਲ ਰੋਡ ਤੋਂ ਫੋਰਟਿਸ ਹਸਪਤਾਲ, ਚੰਡੀਗੜ੍ਹ ਰੋਡ ਤੱਕ ਸਾਈਕਲ ਰੈਲੀ ਕੱਢੀ ਜਾਵੇਗੀ
ਲੁਧਿਆਣਾ, 20 ਸਤੰਬਰ (000) ਮਹਾਨ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ (ਨਸ਼ਾ ਵਿਰੋਧੀ ਦਿਵਸ) ਨੂੰ ਵੱਡੇ ਪੱਧਰ ‘ਤੇ ਮਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 28 ਸਤੰਬਰ ਨੂੰ ਸਥਾਨਕ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਦੁੱਧ ਪੀਣ ਦੇ ਮੁਕਾਬਲੇ, ਵਧੀਆ ਦਸਤਾਰ ਮੁਕਾਬਲੇ, ਪੇਂਟਿੰਗ ਮੁਕਾਬਲੇ ਅਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਇਸ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੈ।
ਇਹ ਜਾਣਕਾਰੀ ਸ਼ੁਕਰਵਾਰ ਨੂੰ ਸਥਾਨਕ ਬੱਚਤ ਭਵਨ ਵਿਖੇ ਹੋਈ ਨਾਰਕੋ ਕੋਆਰਡੀਨੇਸ਼ਨ ਸੈਂਟਰ (ਐਨ.ਸੀ.ਆਰ.ਡੀ.) ਅਧੀਨ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਨੇ ਦਿੱਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੁੱਧ ਪੀਣ ਦੇ ਮੁਕਾਬਲੇ ਵਿੱਚ ਭਾਗ ਲੈਣ ਵਾਲਿਆਂ ਨੂੰ 30 ਸਕਿੰਟਾਂ ਵਿੱਚ ਵੇਰਕਾ ਦੇ ਦੁੱਧ ਦੀਆਂ ਵੱਧ ਤੋਂ ਵੱਧ ਬੋਤਲਾਂ ਪੀਣੀਆਂ ਪੈਣਗੀਆਂ। ਉਹਨਾਂ ਕਿਹਾ ਕਿ ਚੋਟੀ ਦੇ ਪੰਜ ਜੇਤੂਆਂ ਦੀ ਚੋਣ ਕੀਤੀ ਜਾਵੇਗੀ, ਪਹਿਲੇ ਸਥਾਨ ਦੇ ਜੇਤੂ ਨੂੰ 2100 ਰੁਪਏ ਦਾ ਨਕਦ ਇਨਾਮ ਅਤੇ ਬਾਕੀ ਚਾਰ ਨੂੰ ਤੋਹਫ਼ੇ ਅਤੇ ਕਿਤਾਬਾਂ ਪ੍ਰਾਪਤ ਹੋਣਗੀਆਂ। ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਰਵੋਤਮ ਦਸਤਾਰ ਮੁਕਾਬਲਾ (ਕੇਵਲ ਭਗਵੇਂ ਰੰਗ ਦੀ ਪੱਗ) ਵੀ ਉਸੇ ਦਿਨ ਪੀ.ਏ.ਯੂ ਵਿਖੇ ਹੋਵੇਗਾ। ਸ਼ਹੀਦ ਭਗਤ ਸਿੰਘ ਦੇ ਸਟਾਈਲ ਵਰਗੀ ਪੱਗ ਬੰਨ੍ਹਣੀ ਹੋਵੇਗੀ। ਚੋਟੀ ਦੇ ਪੰਜ ਜੇਤੂਆਂ ਦੀ ਚੋਣ ਕੀਤੀ ਜਾਵੇਗੀ, ਪਹਿਲੇ ਸਥਾਨ ਦੇ ਜੇਤੂ (ਸਭ ਤੋਂ ਵਧੀਆ ਦਸਤਾਰ) ਨੂੰ 2100 ਰੁਪਏ ਦਾ ਨਕਦ ਇਨਾਮ ਅਤੇ ਬਾਕੀ ਚਾਰ ਨੂੰ ਤੋਹਫ਼ੇ ਅਤੇ ਕਿਤਾਬਾਂ ਪ੍ਰਾਪਤ ਹੋਣਗੀਆਂ। ਦੋਵਾਂ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ ਸੋਮਵਾਰ ਤੋਂ ਬੁੱਧਵਾਰ (23 ਸਤੰਬਰ ਤੋਂ 25 ਸਤੰਬਰ) ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੀ ਰਹੇਗੀ। 20 ਤੋਂ 35 ਸਾਲ ਦੀ ਉਮਰ ਦੇ ਚਾਹਵਾਨ ਵਿਅਕਤੀ ਮੋਬਾਇਲ ਨੰਬਰ 6283392348 ਅਤੇ 9878612105 ‘ਤੇ ਕਾਲ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਲੜਕੇ ਅਤੇ ਲੜਕੀਆਂ ਦੋਵਾਂ ਲਈ ਸਿਰਫ ਪਹਿਲੀਆਂ 50 ਰਜਿਸਟ੍ਰੇਸ਼ਨਾਂ ਲਈ ਯੋਗ ਹੋਣਗੇ।
ਮੇਜਰ ਅਮਿਤ ਸਰੀਨ ਨੇ ਕਿਹਾ ਕਿ ਇਸ ਮੌਕੇ ਪੀ.ਏ.ਯੂ ਵਿਖੇ ਖੂਨਦਾਨ ਕੈਂਪ ਲਗਾਇਆ ਜਾਵੇਗਾ ਅਤੇ ਸ਼ਹੀਦ ਭਗਤ ਸਿੰਘ ਦੇ ਜੀਵਨ ‘ਤੇ ਆਧਾਰਿਤ ਪੇਂਟਿੰਗ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਤੋਂ ਇਲਾਵਾ 29 ਸਤੰਬਰ ਨੂੰ ਮਾਲ ਰੋਡ ਤੋਂ ਫੋਰਟਿਸ ਹਸਪਤਾਲ, ਚੰਡੀਗੜ੍ਹ ਰੋਡ ਤੱਕ ਇੱਕ ਸਾਈਕਲ ਰੈਲੀ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਅਤੇ ਨਸ਼ਿਆਂ ਵਿਰੁੱਧ ਸੰਦੇਸ਼ ਦੇਣ ਲਈ ਕੱਢੀ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਸਭ ਨੂੰ ਸ਼ਹੀਦ ਭਗਤ ਸਿੰਘ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਮਾਜ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਖ਼ਤਮ ਕਰਨ ਲਈ ਸਮੂਹਿਕ ਯਤਨਾਂ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਸ਼ਹੀਦ ਭਗਤ ਸਿੰਘ ਅਤੇ ਸਾਡੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ, ਜਿਨ੍ਹਾਂ ਨੇ ਬ੍ਰਿਟਿਸ਼ ਸਾਮਰਾਜ ਤੋਂ ਦੇਸ਼ ਦੀ ਆਜ਼ਾਦੀ ਲਈ ਅਣਥੱਕ ਲੜਾਈ ਲੜੀ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦਾ ਸਮਾਜ ਵਿੱਚੋਂ ਨਸ਼ਾਖੋਰੀ ਨੂੰ ਜੜ੍ਹੋਂ ਪੁੱਟਣ ਦੇ ਯਤਨਾਂ ਵਿੱਚ ਸਾਥ ਦੇਣ, ਤਾਂ ਜੋ ਸਾਡੇ ਨੌਜਵਾਨ ਪ੍ਰਤੀਕ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਢੁੱਕਵੀਂ ਸ਼ਰਧਾਂਜਲੀ ਹੋਵੇਗੀ।