ਵਿਧਾਇਕ ਛੀਨਾ ਦੀ ਅਗਵਾਈ ‘ਚ ਸਿਹਤ ਵਿਭਾਗ ਦੀ ਟੀਮ ਵੱਲੋਂ ਦੁੱਧ ਤੇ ਪਨੀਰ ਦੇ ਸੈਂਪਲ ਭਰੇ
ਲੁਧਿਆਣਾ, 02 ਅਗਸਤ (Ankur Jaiswal) – ਅੱਜ ਸ਼ੁੱਕਰਵਾਰ ਸਵੇਰੇ ਤੜਕੇ ਸਾਢੇ ਤਿੰਨ ਵਜੇ ਹਲਕਾ ਲੁਧਿਆਣਾ ਦੱਖਣੀ ਵਿਧਾਇਕ ਰਾਜਿੰਦਰਪਾਲ ਕੌਰ ਛੀਨਾਂ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਗਿੱਲ ਤੇ ਬੁਲਾਰਾ ਪਿੰਡ ਦੀ ਹੱਦਬੰਦੀ ‘ਤੇ ਨਾਕਾਬੰਦੀ ਦੌਰਾਨ ਦੁੱਧ ਅਤੇ ਪਨੀਰ ਦੇ ਸੈਂਪਲ ਭਰੇ ਗਏ ਹਨ।
ਸਿਹਤ ਵਿਭਾਗ ਦੀ ਟੀਮ ਵਿੱਚ ਡੀ.ਐਚ.ਓ ਰਿਪੂ ਧਵਨ ਅਤੇ ਫੂਡ ਸੇਫਟੀ ਅਫਸਰ ਲਵਦੀਪ ਸਿੰਘ ਦੇ ਨਾਲ ਥਾਣਾ ਸਦਰ ਦੀ ਪੁਲਿਸ ਪਾਰਟੀ ਵੀ ਸ਼ਾਮਲ ਸੀ।
ਹਲਕਾ ਨਿਵਾਸੀਆਂ ਵੱਲੋਂ, ਵਿਧਾਇਕ ਛੀਨਾ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਅਹਿਮਦਗੜ੍ਹ ਤੋਂ ਸਿੰਥੈਟਿਕ ਦੁੱਧ ਅਤੇ ਪਨੀਰ ਵੱਡੀ ਮਾਤਰਾ ਵਿੱਚ ਲੁਧਿਆਣਾ ਸ਼ਹਿਰ ਵਿੱਚ ਵੇਚਿਆ ਜਾਂਦਾ ਹੈ ਜਿਸ ਨਾਲ ਸ਼ਹਿਰ ਦੇ ਭੋਲੇ ਭਾਲੇ ਲੋਕ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸਿਹਤ ਵਿਭਾਗ ਦੀ ਟੀਮ ਵੱਲੋਂ ਫੌਰੀ ਤੌਰ ‘ਤੇ ਕਾਰਵਾਈ ਕਰਦਿਆਂ ਮਲੇਰਕੋਟਲਾ ਪਾਸਿਓਂ ਦੁੱਧ ਅਤੇ ਪਨੀਰ ਦੀਆਂ ਆਉਣ ਵਾਲੀਆਂ ਗੱਡੀਆਂ ਦੀ ਅਚਨਚੇਤ ਚੈਕਿੰਗ ਕਰਦਿਆਂ 38 ਵਾਹਨਾਂ ਦੇ ਦੁੱਧ ਅਤੇ ਪਨੀਰ ਦੇ ਸੈਂਪਲ ਲਏ ਗਏ।
ਵਿਧਾਇਕ ਛੀਨਾ, ਡੀ.ਐਚ.ਓ. ਰਿਪੂ ਧਵਨ, ਐਫ.ਐਸ.ਓ ਲਵਦੀਪ ਸਿੰਘ ਨੇ ਕਾਰਵਾਈ ਸਬੰਧੀ ਸਾਂਝੇ ਤੌਰ ‘ਤੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਿਲਾਵਟੀ ਪਨੀਰ ਅਤੇ ਦੁੱਧ ਲੁਧਿਆਣਾ ਵਿੱਚ ਸਪਲਾਈ ਕੀਤਾ ਜਾ ਰਿਹਾ ਜਿਸਦੀ ਰੋਕਥਾਮ ਲਈ ਅੱਜ ਚੈਕਿੰਗ ਅਭਿਆਨ ਚਲਾਇਆ ਗਿਆ।
ਉਹਨਾਂ ਦੱਸਿਆ ਕਿ ਗੱਡੀਆਂ ਅਤੇ ਸਪਲਾਈ ਕਰਨ ਵਾਲੇ ਵਿਅਕਤੀਆਂ ਦੇ ਦਸਤਾਵੇਜ਼ ਅਤੇ ਵੇਰਵਾ ਹਾਸਲ ਕੀਤਾ ਗਿਆ ਹੈ। ਨਮੂਨਿਆਂ ਨੂੰ ਖਰੜ ਦੀ ਪ੍ਰਯੋਗਸ਼ਾਲਾ ਵਿੱਚ ਭੇਜ ਦਿੱਤਾ ਗਿਆ ਹੈ ਨਤੀਜਾ ਆਉਣ ‘ਤੇ ਅਗਲੇਰੀ ਕਾਰਵਾਈ ਆਰੰਭੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ‘ਤੇ ਇਹਨਾਂ ‘ਤੇ ਬਣਦੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ।
ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਸਪੱਸ਼ਟ ਕੀਤਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਅਜਿਹੀ ਅਚਨਚੇਤ ਚੈਕਿੰਗ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗੀ।