ਆਰਟੀਕਲ ਆਰਥਿਕ ਲੁੱਟ ਤੋਂ ਬੱਚਣ ਲਈ ਸਹੂਲਤਾਂ ਅਤੇ ਗੁਲਾਮੀ ਦੀ ਅਸਲ ਪਰਿਭਾਸ਼ਾ ਸਮਝਣੀ ਪਵੇਗੀ।
ਜ਼ਿੰਦਗੀ ਜਿਊਣ ਲਈ ਪੈਸਾ ਬਹੁਤ ਜ਼ਰੂਰੀ ਹੈ। ਆਪਣੇ ਘਰ ਦੇ ਚੁੱਲ੍ਹੇ ਦੀ ਅੱਗ ਤਪਦੀ ਰੱਖਣ ਲਈ ਹਰ ਕੋਈ ਆਪਣੀ ਸਮਰੱਥਾ ਅਨੁਸਾਰ ਹੀਲੇ ਵਸੀਲੇ ਕਰਦਾ ਰਹਿੰਦਾ ਹੈ। ਹਰ ਕੋਈ ਸਿੱਧੇ ਜਾਂ ਅਸਿੱਧੇ ਰੂਪ ਨਾਲ ਕਾਰੋਬਾਰੀ ਸੋਚ ਨਾਲ ਜੁੜਿਆ ਹੋਇਆ ਹੈ। ਸਮਾਂ ਬਦਲਣ ਦੇ ਨਾਲ ਨਾਲ ਕਾਰੋਬਾਰ ਵੀ ਬਦਲਦੇ ਰਹਿੰਦੇ ਹਨ। ਪਰ ਜ਼ਿੰਦਗੀ ਜਿਊਣ ਦੀਆਂ ਮੁੱਢਲੀਆ ਲੋੜਾਂ ਉਹੀ ਰਹਿੰਦੀਆਂ ਹਨ। ਸਮੇਂ ਸਮੇਂ ਤੇ ਜਿਹੜੀਆਂ ਸੁੱਖ ਸਹੂਲਤਾਂ ਅਸੀਂ ਆਪਣੇ ਨਾਲ ਜੋੜ ਲੈਂਦੇ ਹਾਂ ਅਸਲ ਵਿੱਚ ਉਨਾਂ ਦੀ ਜ਼ਰੂਰਤ ਹੁੰਦੀ ਹੀ ਨਹੀਂ ਪਰ ਕਾਰੋਬਾਰੀ ਸੋਚ ਸਾਨੂੰ ਇਹ ਮਹਿਸੂਸ ਕਰਵਾਉਂਦੀ ਹੈ ਕਿ ਇਹ ਵੀ ਸਾਡੀਆਂ ਮੁੱਢਲੀਆ ਲੋੜਾਂ ਵਾਂਗ ਹੀ ਜ਼ਰੂਰੀ ਹਨ। ਇਹ ਸੁੱਖ ਸਹੂਲਤਾਂ ਸਾਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਗੁਲਾਮ ਬਣਾਕੇ ਅਸਲ ਜ਼ਿੰਦਗੀ ਨਾਲੋਂ ਤੋੜ ਦਿੰਦੀਆਂ ਹਨ। ਜਦੋਂ ਤੱਕ ਸਾਨੂੰ ਪੂਰਾ ਵਰਤਾਰਾ ਸਮਝ ਆਉਣ ਲੱਗਦਾ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ। ਇਸ ਲਈ ਜ਼ਿੰਦਗੀ ਭਰ ਦੀ ਗੁਲਾਮੀ ਤੇ ਆਰਥਿਕ ਲੁੱਟ ਤੋਂ ਬਚਣ ਲਈ ਹਰ ਨਵੀਂ ਆਦਤ ਤੇ ਸੁੱਖ ਸਹੂਲਤ ਨੂੰ ਅਪਣਾਉਣ ਤੋਂ ਪਹਿਲਾਂ ਪਰਖ ਲੈਣਾ ਚਾਹੀਦਾ ਹੈ, ਸਾਨੂੰ ਅਸਲ ਵਿੱਚ ਉਸਦੀ ਜ਼ਰੂਰਤ ਹੈ ਵੀ ਕਿ ਨਹੀਂ , ਇਸ ਉੱਪਰ ਵਿਚਾਰ ਕਰ ਲੈਣਾ ਚਾਹੀਦਾ ਹੈ। ਜਲਦਬਾਜ਼ੀ ਵਿੱਚ ਲਿਆ ਗਿਆ ਨਿੱਕਾ ਜਿਹਾ ਫ਼ੈਸਲਾ ਵੀ ਆਉਣ ਵਾਲੇ ਸਮੇਂ ਵਿੱਚ ਵੱਡੀਆਂ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ।
ਆਓ ਹੁਣ ਕਾਰੋਬਾਰੀ ਸੋਚ ਦੇ ਵਰਤਾਰੇ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਦੋਂ ਵੀ ਕੋਈ ਨਵੀਂ ਚੀਜ਼ ਬਾਜ਼ਾਰ ਵਿੱਚ ਆਉਂਦੀ ਹੈ ਤਾਂ ਉਸਨੂੰ ਇਸ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਕਿ ਉਸ ਨਾਲ ਸੰਬੰਧਿਤ ਹਰ ਇਨਸਾਨ ਨੂੰ ਇਹ ਮਹਿਸੂਸ ਹੋਵੇ ਕਿ ਇਹ ਖੋਜ, ਮਸ਼ੀਨਰੀ ਤੇ ਸੁੱਖ ਸਹੂਲਤ ਉਨਾਂ ਦੀ ਜ਼ਿੰਦਗੀ ਨੂੰ ਆਸਾਨ ਬਣਾ ਦੇਵੇਗੀ ਤੇ ਇਸ ਦੀ ਵਰਤੋਂ ਨਾਲ ਕਮਾਈ ਵਿੱਚ ਵਾਧਾ ਵੀ ਹੋਵੇਗਾ। ਜਦੋਂ ਘਰਾਂ ਵਿੱਚ ਗਰਮੀਂ ਤੋਂ ਬਚਣ ਲਈ ਸੁੱਖ ਸਹੂਲਤਾਂ ਦੇ ਨਾਮ ਤੇ ਦਰਖ਼ਤ ਤੇ ਪੱਖੀਆਂ ਹੀ ਸਨ ਤਾਂ ਫ਼ੇਰ ਹੌਲੀ ਹੌਲੀ ਪੱਖੇ ਤੋਂ ਕੂਲਰ, ਕੂਲਰ ਤੋਂ ਏ ਸੀ ਸਾਡੇ ਘਰਾਂ ਵਿੱਚ ਪਹੁੰਚ ਗਏ। ਏਨਾ ਤੋਂ ਮਿਲੀ ਆਰਾਮਦਾਇਕ ਜ਼ਿੰਦਗੀ ਨੇ ਸਾਨੂੰ ਕਾਰੋਬਾਰੀ ਸੋਚ ਦਾ ਗੁਲਾਮ ਕਰ ਦਿੱਤਾ ਤੇ ਅਸੀਂ ਕੁਦਰਤ ਤੋਂ ਪਾਸਾ ਵੱਟ ਲਿਆ। ਵੱਡੇ ਪੱਧਰ ਤੇ ਦਰਖਤਾਂ ਦੀ ਕਟਾਈ ਹੋਣ ਲੱਗ ਪਈ। ਹੁਣ ਜਦੋਂ ਦਰਖਤਾਂ ਦੀ ਕਮੀ ਤੇ ਏ ਸੀ ਵੱਲੋਂ ਬਾਹਰ ਅੱਗ ਸਿੱਟਣ ਕਰਕੇ ਤਾਪਮਾਨ ਵਧਣ ਲੱਗ ਪਿਆ ਹੈ ਤਾਂ ਸਾਨੂੰ ਦਰਖ਼ਤ ਯਾਦ ਆਉਣ ਲੱਗ ਪਏ। ਪਰ ਅਸੀਂ ਕਦੇ ਇਹ ਨਹੀਂ ਸੋਚਿਆ ਕਿ ਇਸ ਸਭ ਨਾਲ ਸਾਨੂੰ ਆਰਥਿਕ ਤੌਰ ਤੇ ਕਿੰਨੇ ਵੱਡੇ ਪੱਧਰ ਤੇ ਲੁੱਟਿਆ ਗਿਆ ਹੈ। ਇਹ ਵਰਤਾਰਾ ਹਰ ਦੇਸ਼ ਅਤੇ ਹਰ ਖੇਤਰ ਵਿੱਚ ਵੱਡੇ ਪੱਧਰ ਤੇ ਵਾਪਰ ਰਿਹਾ ਹੈ। ਵਿਸ਼ਵੀਕਰਨ ਤੇ ਟੈਕਨਾਲੌਜੀ ਦੇ ਨਾਮ ਤੇ ਸਾਨੂੰ ਲੁੱਟਿਆ ਜਾ ਰਿਹਾ ਹੈ। ਕਾਰੋਬਾਰੀ ਸੋਚ ਤੇ ਆਮ ਵਿਅਕਤੀ ਦੀ ਸੋਚ ਵਿੱਚ ਸਮੇਂ ਦਾ ਪਾੜਾ ਤੈਅ ਕਰਦਾ ਹੈ ਕਿ ਸਾਡਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ। ਆਮ ਬੰਦੇ ਦੀ ਸੋਚ ਮੌਜੂਦਾ ਸਮੇਂ ਬਾਰੇ ਜਾਂ ਫੇਰ ਵੱਧ ਤੋਂ ਵੱਧ ਦੋ ਤਿੰਨ ਸਾਲ ਅੱਗੇ ਤੱਕ ਦੀ ਹੁੰਦੀ ਹੈ ਪਰ ਕਾਰੋਬਾਰੀ ਸੋਚ ਆਉਣ ਵਾਲੇ ਵੀਹ ਪੱਚੀ ਸਾਲਾਂ ਤੱਕ ਦਾ ਸੋਚਕੇ ਚੱਲਦੀ ਹੈ। ਕਿਸ ਤਰ੍ਹਾਂ ਸਮਾਜ ਵਿੱਚ ਨਵਾਂ ਮਾਹੌਲ ਸਿਰਜਣਾ, ਨਵੀਂ ਚੀਜ਼ ਦੀ ਮਹੱਤਤਾ ਦਾ ਪ੍ਰਚਾਰ ਕਰਨਾ ਤੇ ਉਸਦੀ ਮੰਗ ਪੈਦਾ ਕਰਕੇ ਉਸਨੂੰ ਬਾਜ਼ਾਰ ਵਿੱਚ ਉਪਲੱਬਧ ਕਰਵਾਉਣਾ ਸਭ ਸ਼ਾਮਿਲ ਹੁੰਦਾ ਹੈ। ਆਮ ਬੰਦੇ ਦੀ ਸੋਚ ਕਾਰੋਬਾਰੀ ਸੋਚ ਦਾ ਮੁਕਾਬਲਾ ਨਹੀਂ ਕਰ ਸਕਦੀ ਇਸ ਵਿਚਾਰ ਨਾਲ ਕਿਸੇ ਹੱਦ ਤੱਕ ਤਾਂ ਸਹਿਮਤ ਹੋਇਆ ਜਾ ਸਕਦਾ ਪਰ ਇਹ ਪੂਰਾ ਸੱਚ ਨਹੀਂ। ਸੁੱਖ ਸਹੂਲਤਾਂ ਤੇ ਵਿਗਿਆਨ ਦੀ ਤਰੱਕੀ ਦੇ ਆਧਾਰ ਤੇ ਕੁਝ ਦੇਸ਼ ਅੱਗੇ ਤੇ ਕੁਝ ਪਿੱਛੇ ਚੱਲਦੇ ਰਹਿੰਦੇ ਹਨ। ਜਿਹੜੇ ਮਾਡਲ ਕਿਸੇ ਹੋਰ ਦੇਸ਼ ਵਿੱਚ ਫੇਲ੍ਹ ਸਾਬਿਤ ਹੋ ਚੁੱਕੇ ਹੋਣ ਉਨਾਂ ਨੂੰ ਅਪਣਾਉਣਾ ਕਿੱਥੋਂ ਦੀ ਸਿਆਣਪ ਹੈ। ਇਸ ਵਿਚਾਰ ਨੂੰ ਸਮਝਣ ਲਈ ਹਰੀ ਕ੍ਰਾਂਤੀ ਮਾਡਲ ਦੀ ਉਦਾਹਰਨ ਬੜੀ ਢੁਕਵੀਂ ਹੈ। ਲੋੜ ਤੋਂ ਜ਼ਿਆਦਾ ਅਨਾਜ ਪੈਦਾ ਕਰਨ ਲਈ ਵਿਦੇਸ਼ਾਂ ਵਿੱਚ ਵੱਡੇ ਪੱਧਰ ਤੇ ਰੇਹਾ ਸਪਰੇਆਂ ਦੀ ਵਰਤੋਂ ਦੇ ਭਿਆਨਕ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਵੀ ਭਾਰਤ ਨੇ ਇਸ ਮਾਡਲ ਨੂੰ ਉਤਸ਼ਾਹਿਤ ਕਰਨ ਤੇ ਅਪਣਾਉਣ ਦਾ ਵਰਤਾਰਾ ਆਪਣੇ ਆਪ ਵਿੱਚ ਸਵਾਲ ਖੜ੍ਹੇ ਕਰਦਾ ਹੈ। ਪਿਛਲੇ ਸਮੇਂ ਦੌਰਾਨ ਕਿਸਾਨ ਵਿਰੋਧੀ ਬਿੱਲਾਂ ਦਾ ਵੱਡੇ ਪੱਧਰ ਤੇ ਵਿਰੋਧ ਹੋਇਆ ਤੇ ਉਸ ਸਮੇਂ ਅਣਗਿਣਤ ਡਰਾਉਣੇ ਸੱਚ ਸਾਡੇ ਸਾਹਮਣੇ ਆਏ ਕਿ ਕਿਸ ਤਰ੍ਹਾਂ ਛੋਟੇ ਕਿਸਾਨਾਂ ਨੂੰ ਖ਼ਤਮ ਕਰਕੇ ਕਾਰੋਬਾਰੀ ਸੋਚ ਆਮ ਨਾਗਰਿਕਾਂ ਨੂੰ ਲੁੱਟਦੀ ਹੈ। ਇਹ ਸਭ ਜਾਣਨ ਤੋਂ ਬਾਅਦ ਵੀ ਅਸੀਂ ਕਿਤੇ ਨਾ ਕਿਤੇ ਕਾਰੋਬਾਰੀ ਸੋਚ ਦੇ ਹੱਕ ਵਿੱਚ ਭੁਗਤ ਰਹੇ ਹਾਂ। ਸੁੱਖ ਸਹੂਲਤਾਂ ਨੂੰ ਸਾਡੀ ਆਦਤ ਬਣਾਉਣ ਲਈ ਸਰਕਾਰਾਂ ਤੇ ਵੱਡੇ ਕਾਰੋਬਾਰੀ ਇੱਕੋ ਜਿਹੀ ਸੋਚ ਅਪਣਾਉਂਦੇ ਹਨ। ਕਿਸੇ ਵੀ ਚੀਜ਼ ਨੂੰ ਸਾਡੀ ਆਦਤ ਬਣਾਉਣ ਲਈ ਤੇ ਛੋਟੇ ਪੱਧਰ ਦੇ ਰਵਾਇਤੀ ਕਾਰੋਬਾਰਾਂ ਨੂੰ ਖ਼ਤਮ ਕਰਨ ਲਈ ਇਸਦੀ ਸ਼ੁਰੂਆਤ ਮੁਫ਼ਤ ਤੋਂ ਹੁੰਦੀ ਹੈ। ਜਦੋਂ ਅਸੀਂ ਪੂਰੀ ਤਰ੍ਹਾਂ ਇਸਦੇ ਗੁਲਾਮ ਹੋ ਜਾਂਦੇ ਹਾਂ ਤਾਂ ਫ਼ੇਰ ਸਰਕਾਰ ਤੇ ਵਪਾਰੀ ਵਰਗ ਆਪਣੀ ਮਨਮਰਜ਼ੀ ਕਰਨਾ ਸ਼ੁਰੂ ਕਰ ਦਿੰਦਾ ਹੈ। ਪੁਰਾਣੇ ਸਮੇਂ ਦਾ ਵਪਾਰੀ ਸੋਚਦਾ ਸੀ ਕਿ ਜੇ ਕਿਸਾਨ ਬਚੇਗਾ ਤਾਂ ਉਹ ਆਪ ਵੀ ਬਚਿਆ ਰਹੇਗਾ ਪਰ ਅੱਜਕਲ੍ਹ ਦੂਸਰਾ ਬਚੇ ਚਾਹੇ ਨਾ ਖ਼ੁਦ ਨੂੰ ਮੁਨਾਫ਼ਾ ਹੋਣਾ ਚਾਹੀਦਾ। ਇਹੋ ਜਿਹੀ ਸੋਚ ਬੜੇ ਖ਼ਤਰਨਾਕ ਨਤੀਜੇ ਪੈਦਾ ਕਰਦੀ ਹੈ। ਪੂਰੀ ਦੁਨੀਆਂ ਨੂੰ ਗਿਣਤੀ ਦੇ ਬੰਦਿਆਂ ਦੇ ਹਵਾਲੇ ਕਰ ਦੇਣਾ ਸਿਆਣਪ ਨਹੀਂ ਸਾਜ਼ਿਸ਼ ਹੈ।
ਜਿਸ ਤਰ੍ਹਾਂ ਆਪਾਂ ਉੱਪਰ ਕਈ ਉਦਾਹਰਣਾਂ ਦੀ ਮੱਦਦ ਨਾਲ ਇਸ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਉਸੇ ਲੜੀ ਦਾ ਹਿੱਸਾ ਸੰਚਾਰ ਮਾਧਿਅਮ ਨਾਲ ਸੰਬੰਧਿਤ ਟੈਲੀਕਾਮ ਕੰਪਨੀਆਂ। ਜਦੋਂ ਮੋਬਾਈਲ ਫ਼ੋਨ ਸਿਰਫ਼ ਵੱਡੇ ਸ਼ਹਿਰਾਂ ਵਿੱਚ ਰਹਿਣ ਵਾਲਿਆਂ ਦੇ ਕੋਲ ਹੁੰਦਾ ਸੀ । ਉਸ ਸਮੇਂ ਬੀ ਐਸ ਐਨ ਐਲ ਨੇ ਪਿੰਡਾਂ ਤੱਕ ਪਹੁੰਚ ਕਰਕੇ ਹਰ ਆਮ ਤੇ ਖਾਸ ਆਦਮੀ ਤੱਕ ਮੋਬਾਈਲ ਫ਼ੋਨ ਪਹੁੰਚਦਾ ਕਰਨ ਲਈ ਨੈੱਟਵਰਕ ਮੁਹੱਈਆਂ ਕਰਵਾਇਆ ਸੀ। ਇਸਦੀ ਕ਼ੀਮਤ ਹਰ ਨਾਗਰਿਕ ਦੀ ਪਹੁੰਚ ਵਿੱਚ ਸੀ। ਪਰ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਤੇ ਪ੍ਰਾਈਵੇਟ ਕੰਪਨੀਆਂ ਨਾਲ ਮਿਲੀ ਭੁਗਤ ਨੇ ਬੀ ਐਸ ਐਨ ਐਲ ਨੂੰ ਤਬਾਹ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਜ਼ਿਆਦਾਤਰ ਪ੍ਰਾਈਵੇਟ ਕੰਪਨੀਆਂ ਬੀ ਐਸ ਐਨ ਐਲ ਦੀ ਮਸ਼ੀਨਰੀ ਕਿਰਾਏ ਤੇ ਵਰਤਕੇ ਮੋਟਾ ਮੁਨਾਫ਼ਾ ਕਮਾ ਰਹੀਆਂ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਮਹਿਕਮੇ ਕੋਲ ਸਰਵਿਸ ਦੇਣ ਲਈ ਸਾਰੇ ਸਾਧਨ ਮੌਜੂਦ ਹਨ ਉਹ ਤਾਂ ਘਾਟੇ ਵਿੱਚ ਜਾ ਰਿਹਾ ਤੇ ਉਸੇ ਮਹਿਕਮੇ ਦੇ ਸਾਧਨ ਵਰਤਕੇ ਦੂਸਰੇ ਮੁਨਾਫ਼ਾ ਕਮਾ ਰਹੇ ਹਨ। ਤੇਜ਼ ਰਫ਼ਤਾਰ ਵਾਲੇ ਇੰਟਰਨੈੱਟ ਨੇ ਸਾਨੂੰ ਗੁਲਾਮ ਬਣਾ ਲਿਆ ਹੈ ਤੇ ਹੁਣ ਕੰਪਨੀਆਂ ਆਪਣੀ ਮਰਜ਼ੀ ਨਾਲ ਇਸਦੀ ਕ਼ੀਮਤ ਵਿੱਚ ਵੱਡੇ ਪੱਧਰ ਤੇ ਵਾਧਾ ਕਰਨ ਲੱਗ ਪਈਆ ਹਨ। ਸਾਡੇ ਕੋਲ ਹਜੇ ਵੀ ਸਮਾਂ ਹੈ ਆਪਣੀ ਗ਼ੁਲਾਮੀ ਖ਼ਤਮ ਕਰਕੇ ਆਰਥਿਕ ਲੁੱਟ ਤੋਂ ਬਚਣ ਦਾ। ਇਸ ਲਈ ਸਾਨੂੰ ਬੀ ਐਸ ਐਨ ਐਲ ਵਿੱਚ ਵਿਸ਼ਵਾਸ ਦਿਖਾਉਣਾ ਪਵੇਗਾ ਤਾਂ ਜੋ ਉਹ ਮੁੜ ਵਾਪਸੀ ਕਰ ਸਕੇ। ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਪ੍ਰਾਈਵੇਟ ਕੰਪਨੀਆਂ ਦਾ ਮੁਕਾਬਲਾ ਕਰਨ ਲਈ ਸਮਾਂ ਲੱਗੇਗਾ ਪਰ ਜ਼ਿੰਦਗੀ ਭਰ ਦੀ ਲੁੱਟ ਤੋਂ ਬਚਣ ਲਈ ਸਾਨੂੰ ਸਬਰ ਤੋਂ ਕੰਮ ਲੈਣਾ ਪਵੇਗਾ। ਅੱਜਕਲ੍ਹ ਹਰ ਕੋਈ ਔਨਲਾਈਨ ਪੇਮੈਟ ਤੇ ਔਨਲਾਈਨ ਸ਼ੌਪਿੰਗ ਦੀ ਸਰਵਿਸ ਦੇਣ ਵਾਲੀਆਂ ਵੈਬਸਾਈਟਾਂ ਤੇ ਨਿਰਭਰ ਹੈ ਤੇ ਇਸਦੀ ਵੱਡੇ ਪੱਧਰ ਤੇ ਵਰਤੋਂ ਹੋ ਰਹੀ ਹੈ। ਇਸ ਨਾਲ ਰਵਾਇਤੀ ਤੇ ਛੋਟੇ ਕਾਰੋਬਾਰ ਖ਼ਤਮ ਹੋ ਰਹੇ ਹਨ, ਜੋਕਿ ਆਪਣੇ ਆਪ ਵਿੱਚ ਖ਼ਤਰਨਾਕ ਵਰਤਾਰਾ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਕਰੋਨਾ ਕਰਕੇ ਪੂਰੀ ਦੁਨੀਆ ਆਪਣੇ ਘਰਾਂ ਵਿੱਚ ਕੈਦ ਹੋ ਗਈ ਸੀ ਉਦੋਂ ਸਾਡੀ ਮੱਦਦ ਛੋਟੇ ਕਾਰੋਬਾਰ ਵਾਲਿਆਂ ਨੇ ਕੀਤੀ ਸੀ। ਉਸ ਸਮੇਂ ਇਹ ਔਨਲਾਈਨ ਸ਼ੌਪਿੰਗ ਵੈਬਸਾਈਟਾਂ ਸਾਡੇ ਕੰਮ ਨਹੀਂ ਆਈਆਂ ਸਨ। ਇਹ ਵੀ ਸੱਚ ਹੈ ਕਿ ਸਮੇਂ ਦੇ ਹਿਸਾਬ ਨਾਲ ਨਵੀਆਂ ਤਕਨੀਕਾਂ ਵਰਤਣਾ ਜ਼ਰੂਰੀ ਹੈ। ਪਰ ਇਸਦੀ ਵਰਤੋਂ ਦੀ ਹੱਦ ਤਾਂ ਤੈਅ ਕੀਤੀ ਜਾ ਸਕਦੀ ਹੈ। ਇਹੋ ਜਿਹੀ ਹਰ ਸਹੂਲਤ ਦੀ ਵਰਤੋਂ ਉਸ ਸਮੇਂ ਹੀ ਕਰੋ ਜਦੋਂ ਤੁਹਾਡੇ ਕੋਲ ਉਸਦਾ ਬਦਲ ਨਾ ਹੋਵੇ। ਆਮ ਸਥਿਤੀ ਵਿੱਚ ਰਵਾਇਤੀ ਸਾਧਨਾਂ ਤੇ ਸਹੂਲਤਾਂ ਦੀ ਵਰਤੋਂ ਨੂੰ ਪਹਿਲ ਦੇਵੋ। ਸਾਡੇ ਲਈ ਹਰ ਖੇਤਰ ਨਾਲ ਜੁੜੇ ਰਵਾਇਤੀ ਤੇ ਛੋਟੇ ਕਾਰੋਬਾਰ ਬਚਾਉਣੇ ਜ਼ਰੂਰੀ ਹਨ। ਜਿਸ ਦਿਨ ਰਵਾਇਤੀ ਤੇ ਛੋਟੇ ਕਾਰੋਬਾਰ ਖ਼ਤਮ ਹੋ ਗਏ , ਉਸ ਦਿਨ ਪੂਰੀ ਤਾਕਤ ਗਿਣਤੀ ਦੇ ਬੰਦਿਆਂ ਦੇ ਹੱਥ ਵਿੱਚ ਆ ਜਾਵੇਗੀ ਤੇ ਸਾਨੂੰ ਸ਼ਰੇਆਮ ਲੁੱਟਿਆ ਜਾਵੇਗਾ। ਇਸ ਲੁੱਟ ਤੋਂ ਬਚਣ ਲਈ ਸਾਡੇ ਕੋਲ ਕੋਈ ਵੀ ਦੂਸਰਾ ਰਸਤਾ ਨਹੀਂ ਹੋਵੇਗਾ। ਆਓ ਰਲ ਮਿਲਕੇ ਸੁੱਖ ਸਹੂਲਤਾਂ ਤੇ ਗ਼ੁਲਾਮੀ ਦੀ ਅਸਲ ਪਰਿਭਾਸ਼ਾ ਸਮਝਕੇ ਇਸ ਤੋਂ ਬਚਣ ਲਈ ਵੱਡੇ ਪੱਧਰ ਤੇ ਉਪਰਾਲੇ ਕਰੀਏ , ਹਰ ਆਮ ਤੇ ਖਾਸ ਵਿਅਕਤੀ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ।
ਲਿਖ਼ਤ ਅਤਿੰਦਰਪਾਲ ਸਿੰਘ ਸੰਗਤਪੁਰਾ
ਸੰਪਰਕ +91 81468 08995