ਅਗਲੇ ਕੁਝ ਦਿਨਾਂ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਨੂੰ ਲੈ ਕੇ ਪ੍ਰਸ਼ਾਸਨ ਅਲਰਟ ‘ਤੇ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਸਟੇਸ਼ਨ ਨਾ ਛੱਡਣ ਦੇ ਹੁਕਮ
ਲੁਧਿਆਣਾ, 29 ਜੂਨ (000) ਅਗਲੇ ਕੁਝ ਦਿਨਾਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਹੜ੍ਹਾਂ ਦੀ ਸਥਿਤੀ ਵਿੱਚ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਉਪਾਅ ਕਰ ਰਿਹਾ ਹੈ।
ਡਿਪਟੀ ਕਮਿਸ਼ਨਰ ਸਾਹਨੀ, ਜੋ ਕਿ ਲੁਧਿਆਣਾ ਦੇ ਨਗਰ ਨਿਗਮ ਕਮਿਸ਼ਨਰ ਵਜੋਂ ਵਾਧੂ ਚਾਰਜ ਵੀ ਸੰਭਾਲ ਰਹੇ ਹਨ, ਨੇ ਅੱਜ ਸਾਰੇ ਉਪ ਮੰਡਲ ਮੈਜਿਸਟ੍ਰੇਟ (ਐਸਡੀਐਮ) ਅਤੇ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰਾਂ ਨੂੰ ਸਤਲੁਜ, ਬੁੱਢਾ ਦਰਿਆ ਅਤੇ ਹੋਰ ਡਰੇਨਾਂ ਦੇ ਨਾਲ-ਨਾਲ ਨੀਵੇਂ ਇਲਾਕਿਆਂ ਦਾ ਦੌਰਾ ਕਰਕੇ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਹਨ।
ਉਹਨਾਂ ਕਿਹਾ ਕਿ ਸਾਰੇ ਅਧਿਕਾਰੀ ਆਪਣੇ ਸਟੇਸ਼ਨਾਂ ‘ਤੇ ਆਪਣੇ ਫ਼ੋਨ 24 ਘੰਟੇ ਚਾਲੂ ਰੱਖਣਗੇ। ਉਹਨਾਂ ਅਧਿਕਾਰੀਆਂ ਨੂੰ ਵਲੀਪੁਰ ਕਲਾਂ, ਬੱਲੋਕੇ, ਤਾਜਪੁਰ, ਢੋਕਾ ਮੁਹੱਲਾ, ਸ਼ਿਵਪੁਰੀ, ਮਾਧੋਪੁਰੀ, ਨਿਊ ਕੁੰਦਨਪੁਰੀ, ਗੋਪਾਲ ਨਗਰ ਆਦਿ ਅਹਿਮ ਪੁਆਇੰਟਾਂ ਦਾ ਨਿਰੀਖਣ ਕਰਨ ਦਾ ਕੰਮ ਸੌਂਪਿਆ ਗਿਆ ਹੈ।
ਇਸ ਤੋਂ ਇਲਾਵਾ, 1.5 ਲੱਖ ਤੋਂ ਵੱਧ ਬੋਰੀਆਂ ਖਰੀਦੀਆਂ ਜਾ ਚੁੱਕੀਆਂ ਹਨ ਅਤੇ ਸੰਭਾਵੀ ਉਲੰਘਣਾਵਾਂ ਲਈ ਲਗਭਗ 50,000 ਰੇਤ ਦੇ ਥੈਲੇ ਪਹਿਲਾਂ ਹੀ ਤਿਆਰ ਕੀਤੇ ਜਾ ਚੁੱਕੇ ਹਨ ਅਤੇ ਸਾਰੇ ਪਟਵਾਰੀਆਂ ਨੂੰ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨੂੰ ਬਰਦਾਸ਼ਤ ਨਾ ਕਰਨ ‘ਤੇ ਜ਼ੋਰ ਦਿੰਦਿਆਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ (ਬੀ.ਡੀ.ਪੀ.ਓਜ਼) ਨੂੰ ਪਿੰਡਾਂ ਵਿੱਚ ਪੂਰੀ ਤਰ੍ਹਾਂ ਚੌਕਸ ਰਹਿਣ ਅਤੇ ਸਾਰੀ ਮਸ਼ੀਨਰੀ ਨੂੰ ਤਿਆਰ-ਬਰ-ਤਿਆਰ ਰੱਖਣ ਦੇ ਨਿਰਦੇਸ਼ ਦਿੱਤੇ।
ਡੀ.ਸੀ ਸਾਹਨੀ ਨੇ ਦੱਸਿਆ ਕਿ ਬੁੱਢਾ ਦਰਿਆ ਵਿੱਚ ਪਾਣੀ ਬਿਨਾਂ ਕਿਸੇ ਰੁਕਾਵਟ ਦੇ ਵਹਿਣ ਨੂੰ ਯਕੀਨੀ ਬਣਾਉਣ ਲਈ ਡਰੇਨੇਜ ਵਿਭਾਗ ਵੱਲੋਂ ਕੁੱਲ 17 ਪੋਕਲੇਨ ਮਸ਼ੀਨਾਂ ਬੁੱਢਾ ਦਰਿਆ ਦੇ ਨਾਲ 24 ਘੰਟੇ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਬੁੱਢਾ ਦਰਿਆ ਅੱਪਸਟਰੀਮ ਵਿੱਚ 4 ਪੋਕਲੇਨ, ਬੁੱਢਾ ਦਰੀਆ ਡਾਊਨਸਟ੍ਰੀਮ ਵਿੱਚ 2 ਪੋਕਲੇਨ, ਬੱਸੀਆਂ ਡਰੇਨ ਵਿੱਚ 2 ਪੋਕਲੇਨ, ਚਚਰਾੜੀ ਡਰੇਨ ਵਿੱਚ 2 ਪੋਕਲੇਨ, ਐਮ.ਸੀ.ਐਮ ਡਰੇਨ ਵਿੱਚ 3 ਪੋਕਲੇਨ, ਲਲਤੋਂ-ਪਮਾਲ ਡਰੇਨ ਵਿੱਚ 2 ਪੋਕਲੇਨ ਅਤੇ ਰੱਖ ਡਰੇਨ ਅਤੇ ਪੁੜੈਂਣ ਵਿੱਚ ਇੱਕ-ਇੱਕ ਪੋਕਲੇਨ ਸ਼ਾਮਲ ਹਨ।
ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਬੁੱਢਾ ਦਰਿਆ ਦੇ ਨਾਲ 7 ਪੋਕਲੇਨ ਮਸ਼ੀਨਾਂ, 5 ਜੇ.ਸੀ.ਬੀ ਅਤੇ 20 ਟਿੱਪਰ ਵੀ ਤਾਇਨਾਤ ਕੀਤੇ ਗਏ ਹਨ। ਨਗਰ ਨਿਗਮ ਵੱਲੋਂ ਰਾਧਾ ਸੁਆਮੀ ਸਤਿਸੰਗ ਘਰ ਨੇੜੇ ਸਮਰਾਲਾ ਚੌਕ, ਤਾਜਪੁਰ ਰੋਡ ’ਤੇ ਕੇਂਦਰੀ ਜੇਲ੍ਹ ਦੇ ਸਾਹਮਣੇ, ਸ਼ਨੀ ਮੰਦਰ ਨੇੜੇ, ਹੈਬੋਵਾਲ ਵਿੱਚ ਲਾਈਫਲਾਈਨ ਪੁਲੀ ਨੇੜੇ, ਹੈਬੋਵਾਲ ਪੁਲ ਅਤੇ ਬੱਲੋਕੇ ਪੁਲ ਦੇ ਵਿਚਕਾਰ, ਢੋਕਾ ਮੁਹੱਲਾ ਵਿਖੇ ਅਤੇ ਡੇਅਰੀ ਕੰਪਲੈਕਸ ਹੈਬੋਵਾਲ ਨੇੜੇ ਪੋਕਲੇਨ ਮਸ਼ੀਨਾਂ ਤਾਇਨਾਤ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੇ ਕਿਸੇ ਵੀ ਘਟਨਾ ਦੀ ਸਥਿਤੀ ਵਿੱਚ ਜੇ.ਸੀ.ਬੀ ਮਸ਼ੀਨਾਂ ਦੀ ਇਪੈਨਲਮੈਂਟ ਕਰ ਲਈ ਗਈ ਹੈ।
ਡਿਪਟੀ ਕਮਿਸ਼ਨਰ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਕਰਾਸ ਡਰੇਨੇਜ ਦੇ ਕੰਮ ਵੀ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਲੁਧਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਪੁਲੀਆਂ ਵਿਛਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਹੜ੍ਹ ਆਉਣ ਦੀ ਸੂਰਤ ਵਿੱਚ ਮੌਕੇ ’ਤੇ ਹੀ ਪੁਲੀਆਂ ਵਿਛਾਉਣ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਬਿਜਲੀ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਸਟਾਫ ਨੂੰ ਫੀਲਡ ਵਿੱਚ ਰੱਖਣ ਨੂੰ ਯਕੀਨੀ ਬਣਾਉਣ ਤਾਂ ਜੋ ਤਾਰਾਂ ਅਤੇ ਖੰਭਿਆਂ ਦੀ ਤੁਰੰਤ ਮੁਰੰਮਤ ਕੀਤੀ ਜਾਵੇ, ਖਾਸ ਕਰਕੇ ਨੀਵੇਂ ਖੇਤਰਾਂ ਵਿੱਚ। ਸਥਿਤੀ ਆਮ ਵਾਂਗ ਹੋਣ ਤੋਂ ਬਾਅਦ ਹੀ ਸਪਲਾਈ ਬਹਾਲ ਹੋਣੀ ਚਾਹੀਦੀ ਹੈ। ਬਿਜਲੀ ਦਾ ਕਰੰਟ ਲੱਗਣ ਦੀ ਕੋਈ ਘਟਨਾ ਨਾ ਵਾਪਰੇ ਨਹੀਂ ਤਾਂ ਲਾਪਰਵਾਹੀ ਕਰਨ ਵਾਲੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਐਨ.ਐਚ.ਏ.ਆਈ. ਨੂੰ ਉਨ੍ਹਾਂ ਹਠ ਆਉਂਦੇ ਡਰੇਨਾਂ ਦੀ ਨਿਕਾਸੀ ਲਈ ਵੀ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਦੇ ਹੇਠਾਂ ਸੜਕਾਂ ਅਤੇ ਰਾਜਮਾਰਗਾਂ ‘ਤੇ ਪਾਣੀ ਜਮ੍ਹਾ ਨਾ ਹੋਵੇ।
ਬਾਅਦ ਵਿੱਚ ਡਿਪਟੀ ਕਮਿਸ਼ਨਰ ਨੇ ਬੁੱਢਾ ਦਰਿਆ ਤੇ ਕਈ ਪੁਆਇੰਟਾਂ ਦਾ ਵੀ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ।
ਇਸ ਤੋਂ ਇਲਾਵਾ, ਉਪ ਮੰਡਲ ਮੈਜਿਸਟ੍ਰੇਟ ਅਤੇ ਐਮ.ਸੀ ਜ਼ੋਨਲ ਕਮਿਸ਼ਨਰਾਂ ਨੇ ਵੀ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪਣੇ ਅਧਿਕਾਰ ਖੇਤਰ ਅਧੀਨ ਵੱਖ-ਵੱਖ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਜਿਹਨਾਂ ਕੋਲ ਨਗਰ ਨਿਗਮ ਕਮਿਸ਼ਨਰ ਦਾ ਚਾਰਜ ਵੀ ਹੈ, ਨੇ ਅੱਜ ਡੀ.ਸੀ ਕੈਂਪ ਦਫ਼ਤਰ ਵਿਖੇ ਜ਼ੋਨਲ ਕਮਿਸ਼ਨਰਾਂ ਅਤੇ ਸ਼ਾਖਾ ਮੁਖੀਆਂ ਸਮੇਤ ਸੀਨੀਅਰ ਐਮ.ਸੀ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਉਹ ਨਾਜਾਇਜ਼ ਉਸਾਰੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਅਤੇ ਕਿਸੇ ਵੀ ਸ਼ਿਕਾਇਤ ਦੀ ਸੂਰਤ ਵਿੱਚ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੀ ਨਿਰਪੱਖ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਵਿੱਚ ਵਿਸ਼ਵਾਸ ਰੱਖਦੇ ਹਨ।
ਉਹਨਾਂ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਗਰ ਨਿਗਮ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਜਨਰੇਟਰ ਸੈੱਟ, ਸਕਸ਼ਨ ਪੰਪ, ਸੜਕਾਂ ਦੀ ਸਫ਼ਾਈ, ਬੁੱਢਾ ਦਰਿਆ ਦੇ ਕਿਨਾਰਿਆਂ ਦੀ ਮਜ਼ਬੂਤੀ ਨੂੰ ਪਹਿਲ ਦੇ ਆਧਾਰ ’ਤੇ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਲੁਧਿਆਣਾ ਵਿੱਚ ਕਿਸੇ ਵੀ ਤਰ੍ਹਾਂ ਦੀ ਹੜ੍ਹ ਵਰਗੀ ਸਥਿਤੀ ਦੀ ਨਿਗਰਾਨੀ ਕਰਨ ਲਈ ਪ੍ਰਬੰਧਕੀ ਕੰਪਲੈਕਸ ਵਿੱਚ 24×7 ਫਲੱਡ ਕੰਟਰੋਲ ਰੂਮ (161-2433100) ਸਥਾਪਤ ਕੀਤਾ ਹੈ। ਉਹਨਾਂ ਦੱਸਿਆ ਕਿ ਕੰਟਰੋਲ ਰੂਮ ਵਿੱਚ ਤਾਇਨਾਤ ਸਟਾਫ਼ ਦਾ ਡਿਊਟੀ ਰੋਸਟਰ ਵੀ ਤਿਆਰ ਕਰ ਲਿਆ ਗਿਆ ਹੈ ਅਤੇ ਫਲੱਡ ਕੰਟਰੋਲ ਰੂਮ ਦੇ ਸਟਾਫ਼ ਦੀ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਕਰਨ ਲਈ ਇਸ ਕੰਟਰੋਲ ਰੂਮ ਦੀ ਚੈਕਿੰਗ ਲਈ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਰੋਟੇਸ਼ਨ ਆਧਾਰ ‘ਤੇ ਨਿਯੁਕਤ ਕੀਤਾ ਗਿਆ ਹੈ। ਇਹ ਕੰਟਰੋਲ ਰੂਮ 30 ਸਤੰਬਰ 2024 ਤੱਕ ਕੰਮ ਕਰੇਗਾ।