ਪੰਜਾਬ ਦੀ ਹੋਟ ਸੀਟ ਬਣ ਚੁੱਕੀ ਲੋਕ ਸਭਾ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਨੂੰ ਢਾਹ ਲਾਉਣ ਲਈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਪੱਬਾਂ ਭਾਰ, ਵੱਟਸਐਪ ਗਰੁੱਪ ਅਤੇ ਫੇਸਬੁੱਕ ਕੀਤੇ ਬਲਾਕ
ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਤਿਪਾਲ ਸਿੰਘ ਵਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜਨ ਦੇ ਐਲਾਨ ਤੋਂ ਬਾਅਦ ਇਹ ਸੀਟ ਪੰਜਾਬ ਹੀ ਨਹੀਂ, ਪੂਰੇ ਭਾਰਤ ਵਿਚ ‘ਹਾਟ ਸੀਟ’ ਬਣ ਗਈ ਹੈ ।ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿਚ ਰਹਿੰਦੇ ਖ਼ਾਸ ਕਰਕੇ ਪੰਜਾਬੀਆਂ ਦੀ ਨਜ਼ਰਾਂ ਖਡੂਰ ਸਾਹਿਬ ਸੀਟ ‘ਤੇ ਟਿਕ ਗਈਆਂ ਹਨ ।ਖਡੂਰ ਸਾਹਿਬ ਤੋਂ ਸ਼ੋ੍ਮਣੀ ਅਕਾਲੀ ਦਲ ਨੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਕਾਂਗਰਸ ਨੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ, ਆਪ ਪਾਰਟੀ ਨੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਭਾਜਪਾ ਨੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ, ਜਦਕਿ ਸ਼ੋ੍ਮਣੀ ਅਕਾਲੀ ਦਲ (ਮਾਨ) ਵਲੋਂ ਭਾਈ ਅੰਮ੍ਤਿਪਾਲ ਸਿੰਘ ਦੇ ਹੱਕ ਵਿਚ ਆਪਣੇ ਐਲਾਨੇ ਉਮੀਦਵਾਰ ਹਰਪਾਲ ਸਿੰਘ ਬਲ੍ਹੇਰ ਨੂੰ ਬਿਠਾ ਕੇ ਉਨ੍ਹਾਂ ਦਾ ਸਾਥ ਦੇਣ ਦਾ ਐਲਾਨ ਕਰ ਦਿੱਤਾ ਹੈ । ਮੀਡੀਆ ਅਦਾਰੇ ਤੇ ਸਿਆਸੀ ਮਾਹਿਰ ਆਖ ਰਹੇ ਹਨ ਕਿ ਭਾਈ ਅੰਮ੍ਰਿਤਪਾਲ ਸਿੰਘ ਕਾਰਣ ਪੰਜਾਬ ਦਾ ਚੋਣ ਦ੍ਰਿਸ਼ ਬਦਲ ਗਿਆ ਹੈ।ਇਸ ਨਾਲ ਸਭ ਸਿਆਸੀ ਪਾਰਟੀਆਂ ਖਾਸ ਕਰਕੇ ਅਕਾਲੀ ਦਲ ਨੂੰ ਵਡਾ ਸਿਆਸੀ ਨੁਕਸਾਨ ਹੋ ਸਕਦਾ ਹੈ। ਪੰਥਕ ਮਾਹਿਰਾਂ ਦਾ ਮੰਨਣਾ ਹੈ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਤੇ ਭਾਈ ਅੰਮ੍ਤਿਪਾਲ ਸਿੰਘ ਦਾ ਪਰਿਵਾਰ ਹਾਲਾਂਕਿ ਨਸ਼ਾ ਵਿਰੋਧੀ ,ਜਾਬਰ ਕਨੂੰਨਾਂ ,ਮਨੁੱਖੀ ਅਧਿਕਾਰਾਂ ਅਤੇ ਅੰਮ੍ਤਿ ਪ੍ਰਚਾਰ ਮੁਹਿੰਮ ਦਾ ਹੀ ਜ਼ਿਕਰ ਕਰ ਰਹੇ ਹਨ, ਲੇਕਿਨ ਭਾਜਪਾ ਸਮੇਤ ਕੁਝ ਸਿਆਸੀ ਧਿਰਾਂ ਇਸ ਘਟਨਾਕ੍ਰਮ ਨੂੰ ਲੈ ਕੇ ਵੋਟਰਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਦੁਬਾਰਾ ਪੈਦਾ ਕਰਨ ਦੀ ਕੋਸ਼ਿਸ਼ ਕਰ ਸਕਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਇਸ ਦਾ ਸਿਆਸੀ ਲਾਹਾ ਮਿਲ ਸਕੇ । ਬੀਤੇ ਸਮੇਂ ਦੌਰਾਨ ਪੰਜਾਬ ਵਿਚ ਸਿਖ ਅਵਾਮ ਅਕਾਲੀ ਦਲ ਤੋਂ ਨਿਰਾਸ਼ ਹੋਕੇ ਆਪ ਪਾਰਟੀ ਜਾਂ ਕੁਝ ਹੋਰ ਪਾਰਟੀਆਂ ਨੂੰ ਵੋਟ ਵੀ ਪਾਉਂਦਾ ਰਿਹਾ ਹੁਣ ਸਮਝਿਆ ਜਾ ਰਿਹਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਚੋਣ ਮੈਦਾਨ ਵਿਚ ਨਿਤਰਨ ਕਾਰਣ ਪੰਥਕ ਵੋਟਰ ਆਪ ਪਾਰਟੀ ,ਕਾਂਗਰਸ ਨਾਲੋਂ ਟੁੱਟ ਸਕਦਾ ਹੈ ।ਭਾਈ ਅੰਮ੍ਤਿਪਾਲ ਸਿੰਘ ਤੇ ਸਾਥੀਆਂ ਵਿਰੁੱਧ ਮੌਜੂਦਾ ਭਗਵੰਤ ਮਾਨ ਸਰਕਾਰ ਵਲੋਂ ਦੋ ਸਾਲਾਂ ਦੀ ਨਜ਼ਰਬੰਦੀ ਨੂੰ ਲੈ ਕੇ ਐਨ।ਐਸ।ਏ। ਲਗਾਏ ਜਾਣ ਅਤੇ ਉਨ੍ਹਾਂ ਨੂੰ ਸਥਾਪਤ ਕਾਨੂੰਨਾਂ ਦੇ ਵਿਰੁੱਧ ਸੂਬੇ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਨਜ਼ਰਬੰਦ ਕਰਨ ਦੀ ਤੁਲਨਾ ਅੰਗਰੇਜ਼ੀ ਰਾਜ ਦੇ ਜ਼ੁਲਮਾਂ ਨਾਲ ਕੀਤੀ ਜਾ ਰਹੀ ਹੈ ਅਤੇ ਇਹ ਆਉਂਦੇ ਦਿਨਾਂ ਦੌਰਾਨ ਮੁੱਦਾ ਵੀ ਬਣ ਸਕਦਾ ਹੈ । ਇਸ ਕਾਰਣ ਲੋਕਾਂ ਦੀ ਭਾਈ ਅੰਮ੍ਰਿਤਪਾਲ ਸਿੰਘ ਨਾਲ ਹਮਦਰਦੀ ਵੀ ਹੈ।ਚਰਚਾ ਇਹ ਵੀ ਹੈ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਕੁਝ ਹੋਰ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰ ਸਕਦੀ ਹੈ ।ਭਾਈ ਅੰਮ੍ਤਿਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਨੇ ਆਪਣੇ ਲੜਕੇ ਦੀ ਚੋਣ ਦੀ ਕਮਾਨ ਸੰਭਾਲੀ ਹੋਈ ਹੈ ਅਤੇ ਖਾੜਕੂਵਾਦ ਦੌਰਾਨ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਅਤੇ ਮਨੁੱਖੀ ਅਧਿਕਾਰਾਂ ਲਈ ਜੂਝਣ ਵਾਲੇ ਸ਼ਹੀਦ ਹੋਏ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਵੀ ਇਸ ਚੋਣ ਦੀ ਕਮਾਨ ਸੰਭਾਲ ਲਈ ਹੈ । ਭਾਵੇਂ ਭਾਈ ਅੰਮ੍ਤਿਪਾਲ ਸਿੰਘ ਦੀ ਚੋਣ ਪ੍ਰਚਾਰ ਬਹੁਤ ਹੀ ਤੇਜ਼ ਤਰਾਰ ਤਰੀਕੇ ਨਾਲ ਸ਼ੁਰੂ ਹੋਈ ਹੈ, ਪਰ ਹੁਣ ਇਹ ਵੀ ਦੇਖਣਾ ਹੋਵੇਗਾ ਕਿ ਚੋਣ ਕਮਿਸ਼ਨ ਉਨ੍ਹਾਂ ਦੀ ਨਾਮਜ਼ਦਗੀ ਸਵੀਕਾਰ ਕਰਦਾ ਹੈ ਜਾਂ ਉਸ ਨੂੰ ਰੱਦ ਕਰ ਦਿੰਦਾ ਹੈ । ਇਸ ਉਪਰ ਵੀ ਸਾਰੀਆਂ ਪਾਰਟੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ।ਇਥੋਂ ਤੱਕ ਕਿ ਅਕਾਲੀ ਦਲ ਦੇ ਕੁਝ ਵੱਡੇ ਆਗੂ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਥਕ ਹਿੱਤਾਂ ਲਈ ਭਾਈ ਅੰਮ੍ਤਿਪਾਲ ਸਿੰਘ ਖ਼ਾਲਸਾ ਦਾ ਸਾਥ ਦੇਣ ਬਾਰੇ ਕਹਿ ਰਹੇ ਹਨ । ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ,ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਨੇ ਵੀ ਭਾਈ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕਰ ਦਿਤੀ ਹੈ।ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਭਾਈ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਦੇ ਫੈਸਲੇ ਦੀ ਹਮਾਇਤ ਕੀਤੀ ਹੈ। ਅੰਮ੍ਰਿਤ ਪਾਲ ਸਿੰਘ ਵੱਲੋਂ ਚੋਣ ਲੜਨ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਆਖਿਆ ਕਿ ਭਾਰਤ ਦੇ ਸੰਵਿਧਾਨ ਮੁਤਾਬਕ ਹਰ ਇੱਕ ਵਿਅਕਤੀ ਨੂੰ ਚੋਣ ਲੜਨ ਦਾ ਹੱਕ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਖਡੂਰ ਸਾਹਿਬ ਤੋਂ ਉਮੀਦਵਾਰ ਬਣਨ ਕਾਰਣ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਤੇ ਅਕਾਲੀ ਦਲ ਦੇ ਮਾਝਾ ਜਰਨੈਲ ਬਿਕਰਮਜੀਤ ਸਿੰਘ ਮਜੀਠੀਆ ਨੇ ਖਡੂਰ ਸਾਹਿਬ ਤੋਂ ਚੋਣ ਲੜਨ ਦਾ ਵਿਚਾਰ ਛਡ ਦਿਤਾ ਸੀ।ਪੰਥਕ ਮਾਹਿਰਾਂ ਦਾ ਮੰਨਣਾ ਹੈ ਕਿ 2019 ਲੋਕ ਸਭਾ ਚੋਣ ਦੌਰਾਨ ਖਡੂਰ ਸਾਹਿਬ ਹਲਕੇ ਤੋਂ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ 214489 ਵੋਟਾਂ ਮਿਲੀਆਂ। ਬੀਬੀ ਖਾਲੜਾ ਦੀ ਵੋਟ ਹੁਣ ਭਾਈ ਅੰਮ੍ਰਿਤ ਪਾਲ ਸਿੰਘ ਦੇ ਹੱਕ ਵਿਚ ਭੁਗਤ ਸਕਦੀ ਹੈ।
ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵਲੋਂ ਸਰਕਾਰ ਉਪਰ ਦੋਸ਼
ਖਡੂਰ ਸਾਹਿਬ ਸੀਟ ਤੋਂ ਚੋਣ ਲੜ ਰਹੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਹੁਣੇ ਜਿਹੇ ਇਲਜ਼ਾਮ ਲਾਇਆ ਕਿ ਕੇਂਦਰ ਅਤੇ ਸੂਬਾ ਸਰਕਾਰ ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਰੁਕਾਵਟਾਂ ਖੜ੍ਹੀਆਂ ਕਰ ਰਹੀ ਹੈ। ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਖਡੂਰ ਸਾਹਿਬ ਦੇ ਨੌਂ ਹਿੱਸਿਆਂ ਵਾਲੇ ਵਟਸਐਪ ਗਰੁੱਪਾਂ ਨੂੰ ਪ੍ਰਚਾਰ ਲਈ ਬਲਾਕ ਕਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਅਕਾਊਂਟ ਨੂੰ ਬਲਾਕ ਕਰਨ ਤੋਂ ਇਲਾਵਾ ਅਧਿਕਾਰੀ ਅੰਮ੍ਰਿਤਪਾਲ ਦੀ ਨਾਮਜ਼ਦਗੀ ਭਰਨ ਵਿੱਚ ਵੀ ਮੁਸ਼ਕਲਾਂ ਪੈਦਾ ਕਰ ਸਕਦੇ ਹਨ। ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਚੋਣ ਕਮਿਸ਼ਨ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ।
ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਦੀ ਇੰਚਾਰਜ ਪਰਮਜੀਤ ਕੌਰ ਖਾਲੜਾ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕਾਰਣ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਦੋ ਪੇਜ ਵੀ ਬਲਾਕ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਡਾ ‘ਐਕਸ’ ਖਾਤਾ ਰੋਕ ਲਿਆ ਗਿਆ ਹੈ। ਇੱਥੋਂ ਤੱਕ ਕਿ ਫੇਸਬੁੱਕ ਪੇਜ ਨੂੰ ‘ਰੀਡਾਇਰੈਕਟ’ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਣ ਲਈ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਹਨ।ਇਹ ਜਮਹੂਰੀਅਤ ਦੀ ਨਿਸ਼ਾਨੀ ਨਹੀਂ।ਹਿਟਲਰਸ਼ਾਹੀ ਹੈ।ਇਸ ਦੇ ਨਤੀਜੇ ਸਹੀ ਨਹੀਂ ਨਿਕਲਣਗੇ।ਚੋਣ ਕਮਿਸ਼ਨ ਇਸ ਬਾਰੇ ਸੰਵਿਧਾਨਕ ਪਹੁੰਚ ਅਪਨਾਵੇ।
ਅੰਮ੍ਰਿਤਪਾਲ ਸਿੰਘ ਵੱਲੋਂ ਖਡੂਰ ਸਾਹਿਬ ਤੋਂ ਚੋਣ ਲੜਣ ਬਾਰੇ ਕੀ ਕਹਿੰਦਾ ਹੈ ਕਾਨੂੰਨ
ਹੁਣ ਸੁਆਲ ਇਹ ਉਠ ਰਿਹਾ ਹੈ ਕਿ ਕਨੂੰਨ ਅਨੁਸਾਰ ਭਾਈ ਅੰਮ੍ਰਿਤਪਾਲ ਸਿੰਘ ਚੋਣ ਲੜ ਸਕਣਗੇ।ਲੋਕ ਪ੍ਰਤੀਨਿਧਤਾ ਐਕਟ, 1951 ਕਿਸੇ ਅਪਰਾਧ ਲਈ ਦੋਸ਼ੀ ਠਹਿਰਾਏ ਗਏ ਅਤੇ ਦੋ ਸਾਲ ਜਾਂ ਇਸ ਤੋਂ ਵੱਧ ਦੀ ਕੈਦ ਦੀ ਸਜ਼ਾ ਕੱਟ ਰਹੇ ਵਿਅਕਤੀਆਂ ਨੂੰ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਦੀ ਮੈਂਬਰਸ਼ਿਪ ਤੋਂ ਦੇ ਅਯੋਗ ਕਰਾਰ ਦਿੰਦਾ ਹੈ। ਐਕਟ ਦੀ ਧਾਰਾ 8 (3) ਕਹਿੰਦੀ ਹੈ: “ਕਿਸੇ ਵਿਅਕਤੀ ਨੂੰ ਕਿਸੇ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਉਸ ਨੂੰ ਦੋ ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਦਿੱਤੀ ਗਈ ਹੈ… ਉਸ ਨੂੰ ਦੋਸ਼ੀ ਠਹਿਰਾਏ ਜਾਣ ਦੀ ਮਿਤੀ ਤੋਂ ਅਯੋਗ ਠਹਿਰਾਇਆ ਜਾਵੇਗਾ ਅਤੇ ਉਸ ਦੀ ਰਿਹਾਈ ਤੋਂ ਬਾਅਦ ਛੇ ਸਾਲਾਂ ਦੀ ਹੋਰ ਮਿਆਦ ਲਈ ਅਯੋਗ ਠਹਿਰਾਇਆ ਜਾਵੇਗਾ।” ਪਰ ਇਹ ਐਕਟ ਅੰਡਰ ਟਰਾਇਲਾਂ ਨੂੰ ਚੋਣ ਲੜਨ ਤੋਂ ਨਹੀਂ ਰੋਕਦਾ। ਅੰਮ੍ਰਿਤਪਾਲ ਸਿੰਘ ਨੂੰ ਅਜੇ ਤੱਕ ਦੋਸ਼ੀ ਨਹੀਂ ਠਹਿਰਾਇਆ ਗਿਆ। ਇਸ ਲਈ ਉਹ ਲੋਕ ਸਭਾ ਚੋਣਾਂ ਲੜ ਸਕਦੇ ਹਨ।